Tuesday, August 1, 2023

ਐੱਮਐੱਸਪੀ, ਹਰਾ ਇਨਕਲਾਬ ਅਤੇ ਪੰਜਾਬ ਦੀ ਕਿਸਾਨੀ ਦੇ ਮਸਲੇ 


This article was first published in the Punjabi Tribune on 1 February 2022

ਕਿ
ਸਾਨ ਅੰਦੋਲਨ ਦੀ ਇਤਿਹਾਸਕ ਜਿੱਤ ਸਦਕਾ 3 ਖੇਤੀ ਕਾਨੂੰਨ ਵਾਪਸ ਹੋ ਗਏ। ਪਰਾਲੀ ਤੇ ਬਿਜਲੀ ਮੁਤੱਲਕ ਬਿੱਲ ਵੀ ਖ਼ਾਰਜ ਹੋ ਜਾਣਗੇ; ਕਣਕ ਝੋਨੇ ਤੇ ਐੱਮਐੱਸਪੀ ਪੰਜਾਬ ਵਿਚ ਪਹਿਲਾਂ ਹੀ ਮਿਲ ਰਹੀ ਸੀ, ਉਮੀਦ ਹੈ ਕਿ ਨੇੜ ਭਵਿੱਖ ਵਿਚ ਵੀ ਜਾਰੀ ਰਹੇਗੀ। ਸੋ, ਪੰਜਾਬ ਦੀ ਕਿਸਾਨੀ ਜਿੱਥੇ 2020 ਵਿਚ ਸੀ, ਉਥੇ ਫਿਰ ਪਹੁੰਚ ਗਈ।

ਇਸ ਤੋਂ ਸ਼ਾਇਦ ਹੀ ਕੋਈ ਮੁਨਕਰ ਹੋਵੇ ਕਿ ਨਵੇਂ ਕਾਨੂੰਨ ਲਿਆਉਣ ਤੋਂ ਪਹਿਲਾਂ ਵੀ ਕਿਸਾਨੀ ਸੰਕਟ ਵਿਚ ਸੀ। ਛੋਟੇ ਤੇ ਦਰਮਿਆਨੇ ਕਿਸਾਨਾਂ ਦੀ ਹਾਲਤ ਪਿਛਲੇ 30-40 ਸਾਲਾਂ ਤੋਂ ਨਿੱਘਰ ਰਹੀ ਹੈ। ਇਨ੍ਹਾਂ ਦੀ ਵੱਡੀ ਬਹੁਗਿਣਤੀ ਸਾਲ-ਦਰ-ਸਾਲ ਕਰਜ਼ੇ ਥੱਲੇ ਆ ਰਹੀ ਹੈ। ਹਜ਼ਾਰਾਂ ਕਿਸਾਨ ਕਰਜ਼ੇ ਦੇ ਭਾਰ ਥੱਲੇ ਖੁਦਕੁਸ਼ੀਆਂ ਦੇ ਰਾਹ ਤੁਰ ਗਏ ਹਨ। ਹਰ ਸਾਲ ਲੱਖਾਂ ਨੌਜਵਾਨ ਹਰੀਆਂ ਚਰਾਂਦਾਂ ਦੀ ਭਾਲ ਵਿਚ ਪਰਦੇਸਾਂ ਵੱਲ ਪਰਵਾਜ਼ ਕਰ ਰਹੇ ਹਨ। ਇੱਦਾਂ ਲੱਗਦਾ, ਜਵਿੇਂ ਇਹ ਮਿੱਟੀ ਆਪਣੇ ਜਾਇਆਂ ਦਾ ਭਾਰ ਚੁੱਕਣ ਤੋਂ ਜਵਾਬ ਦੇ ਰਹੀ ਹੋਵੇ। ਇਹ ਸਾਰੀਆਂ ਅਲਾਮਤਾਂ ਕਿਸੇ ਭੈੜੀ ਬਿਮਾਰੀ ਦਾ ਅਹਿਸਾਸ ਕਰਾਉਂਦੀਆਂ ਹਨ। ਇਹ ਗੱਲ ਬਹੁਤ ਲੋਕ ਮਹਿਸੂਸ ਕਰਦੇ ਹਨ ਕਿ ਕੁਝ ਗੜਬੜ ਤਾਂ ਹੈ। ਆਖਿ਼ਰ ਇਹ ਬਿਮਾਰੀ ਹੈ ਕੀ? ਇਹਦੀਆਂ ਜੜ੍ਹਾਂ ਕਿੱਥੇ ਹਨ?

ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਲਈ ਕਈ ਵਾਰ ਦੂਰ ਬੈਠ ਕੇ ਅਧਿਐਨ ਕਰਨਾ ਪੈਂਦਾ ਹੈ। ਖੁਰਦਬੀਨ ਦੀ ਬਿਨਿਸਬਤ ਵੱਡੇ ਕੰਧ ਚਿੱਤਰ ’ਚ ਬੇਸ਼ੁਮਾਰ ਜੋੜ-ਤੋੜ ਤੇ ਅੰਤਰ-ਪ੍ਰਭਾਵ ਵਾਲੇ ਸਬੰਧ ਨਜ਼ਰ ਆਉਂਦੇ ਹਨ। ਜਦੋਂ ਤੁਸੀਂ ਦੂਰ ਹਟ ਕੇ, ਅਤੀਤ ’ਚ ਜਾ ਕੇ ਆਪਣੇ ਪਿੰਡ ’ਤੇ ਨਜ਼ਰ ਮਾਰਦੇ ਹੋ ਤਾਂ ਦਿਸੇਗਾ ਕਿ ਚਾਚੇ ਚਰਨ ਨੇ ਬਲਦਾਂ ਦੀ ਜੋਗ ਵੇਚ ਕੇ ਟਰੈਕਟਰ ਲੈ ਲਿਆ, ਡੰਗਰਾਂ ਵਾਲੇ ਕੋਠਿਆਂ ’ਚ ਹੁਣ ਟਰੈਕਟਰ ਅਤੇ ਹੋਰ ਸੰਦ ਹਨ। ਭੋਲੇ ਦੇ ਤੂਤਾਂ ਵਾਲੇ ਖੂਹ ਤੇ ਨਾ ਹੀ ਖੂਹ ਰਿਹਾ ਤੇ ਨਾ ਕੋਈ ਤੂਤ, ਡੂੰਘੇ ਬੋਰ ਵਾਲਾ ਸਬਮਰਸੀਬਲ ਪੰਪ ਲੱਗ ਗਿਆ। ਫਿਰਨੀ ’ਤੇ ਰੂੜੀਆਂ ਨਹੀਂ ਲੱਭਦੀਆਂ, ਲੋਕ ਯੂਰੀਆ ਤੇ ਡੀਏਪੀ ਖਾਦ ਦੀਆਂ ਬੋਰੀਆਂ ਸ਼ਹਿਰੋਂ ਟਰਾਲੀ ਲੱਦ ਕੇ ਲੈ ਆਉਂਦੇ ਹਨ। ਭੂਆ ਸੀਤੋ ਨੂੰ ਘਰ ਦੀਆਂ ਸਬਜ਼ੀਆਂ ਹੁਣ ਰੇੜ੍ਹੀ ਵਾਲਾ ਦੇ ਜਾਂਦਾ ਹੈ; ਨਾ ਉਹ ਸਰ੍ਹੋਂ ਦੇ ਤੇਲ ਦੀ ਘਾਣੀ ਕਢਾਉਂਦੀ ਹੈ, ਉਹਦੀ ਥਾਂ ਹੱਟੀਓਂ ਤੇਲ ਖਰੀਦਿਆ ਜਾਂਦਾ ਹੈ। ਆਪਣੀ ਕਪਾਹ ਦਾ ਰੂੰ ਨਹੀਂ ਪਿੰਜਿਆ ਜਾਂਦਾ, ਰੌਸ਼ਨ ਦੀ ਹੱਟੀ ’ਤੇ ਚੀਨ ਦੇ ਬਣੇ ਨਾਇਲੋਨ ਦੇ ਕੰਬਲ ਜੋ ਟੰਗੇ ਹੁੰਦੇ ਹਨ। ਹਵਾ ਤੇ ਧੁੱਪ ਛੱਡ ਕੇ ਬਾਕੀ ਸਾਰਾ ਕੁਝ ਬਾਹਰੋਂ ਖ਼ਰੀਦਿਆ ਜਾਂਦਾ ਅਤੇ ਵੇਚਣ ਨੂੰ ਸਿਰਫ਼ ਕਣਕ ਤੇ ਝੋਨਾ।

ਕੰਧ ਚਿੱਤਰ ਉਤਲੀ ਧੁੰਦ ਸਾਫ਼ ਹੋਣ ਲਗਦੀ ਹੈ ਤੇ ਵਿਚਲੀ ਤਸਵੀਰ ਉਘੜਨੀ ਸ਼ੁਰੂ ਹੁੰਦੀ ਹੈ। ਉਸੇ ਖਾਦ ਵਾਲੀ ਟਰਾਲੀ ਵਿਚ ਜਦੋਂ ਕਿਸਾਨ ਦਾਣੇ ਭਰ ਕੇ ਮੰਡੀ ਵੇਚਣ ਜਾਂਦਾ ਹੈ ਤਾਂ ਖਰੀਦਦਾਰ ਸੌ ਨਖ਼ਰੇ ਕਰਦਾ ਹੈ। ਕਹਿੰਦਾ ਹੈ- ਮੈਨੂੰ ਲੋੜ ਨਹੀਂ ਤੇਰੀ ਫ਼ਸਲ ਦੀ। ਵੇਚਣ ਵਾਲਾ ਕਹਿੰਦਾ- ਤੈਨੂੰ ਲੈਣੀ ਪੈਣੀ, ਤੂੰ ਐੱਮਐੱਸਪੀ ਵੀ ਤੈਅ ਕਰ ਅਤੇ ਸਾਰੀ ਫ਼ਸਲ ਖ਼ਰੀਦ ਵੀ। 50 ਸਾਲ ਪਹਿਲਾਂ ਜਦੋਂ ਤੂੰ ਭੁੱਖਾ ਮਰਦਾ ਸੀ, ਤੂੰ ਹੀ ਮੈਨੂੰ ਕਿਹਾ ਸੀ ਕਣਕ ਝੋਨਾ ਲਾਉਣ ਲਈ, ਤੂੰ ਹੀ ਅਮਰੀਕਨ ਬੀਜ ਦਿੱਤੇ, ਡੀਜ਼ਲ ਤੇ ਸਬਸਿਡੀ ਦਿੱਤੀ, ਟਰੈਕਟਰ ਲਈ ਕਰਜ਼ੇ ਦਿੱਤੇ, ਬੰਬੀ ਦੀ ਬਿਜਲੀ ਮੁਫ਼ਤ ਦਿੱਤੀ ਤੇ ਹੁਣ ਜਦੋਂ ਮੇਰੀ ਮਿੱਟੀ ਬੇਜਾਨ ਹੋ ਗਈ ਤੇ ਮੇਰੀ ਜ਼ਮੀਨ ਹੇਠਲਾ ਪਾਣੀ ਚੂਸਿਆ ਗਿਆ, ਹੁਣ ਤੈਨੂੰ ਮੇਰੀ ਲੋੜ ਨਹੀਂ ਰਹੀ!

ਐੱਮਐੱਸਪੀ ਸਵੇਦਨਸ਼ੀਲ ਮੁੱਦਾ ਹੈ ਜਿਸ ਤੇ ਸੰਵਾਦ ਦੀ ਲੋੜ ਹੈ। ਐੱਮਐੱਸਪੀ ਨੂੰ ਹਰੇ ਇਨਕਲਾਬ ਦੇ ਪ੍ਰਸੰਗ ਵਿਚ ਰੱਖ ਕੇ ਦੇਖਿਆ ਜਾਵੇ ਤਾਂ ਇਹਦੀ ਸਮਝ ਲੱਗ ਸਕਦੀ ਹੈ। 50-60 ਸਾਲ ਪਹਿਲਾਂ ਭਾਰਤ ਸਰਕਾਰ ਨੇ ਲੋੜ ਮੁਤਾਬਿਕ ਖ਼ਾਸ ਖ਼ਿੱਤੇ ਅਤੇ ਨਵੀਂ ਖੇਤੀ ਪ੍ਰਣਾਲੀ ਦਾ ਤਜਰਬਾ ਕੀਤਾ। 10 ਹਜ਼ਾਰ ਸਾਲ ਪੁਰਾਣੀ ਵਾਹੀ-ਬੀਜੀ ਦੀ ਵਵਿਸਥਾ ਨੂੰ ਐੱਮਐੱਸਪੀ ਦਾ ਲਾਲਚ (ਇਕਨੌਮਿਕ ਲੀਵਰ) ਦੇ ਕੇ ਨਵੀਂ ਦਿਸ਼ਾ ਵੱਲ ਮੋੜ ਦਿੱਤਾ। ਭੋਲੇ ਅਤੇ ਜ਼ਿਆਦਾਤਰ ਅਨਪੜ੍ਹ ਕਿਸਾਨ ਸਰਕਾਰ ਦੀ ਸਾਜਿ਼ਸ਼ ਸਮਝ ਨਾ ਸਕੇ। ਸਰਕਾਰ ਨੇ ਕਿਸਾਨਾਂ ਦੇ ਪੁੱਤਾਂ ਨੂੰ ਹੀ ਅਮਰੀਕਾ ਦੀਆਂ ਯੂਨੀਵਰਸਿਟੀਆਂ ਵਿਚੋਂ ਨਵੀਂ ਖੇਤੀ ਪ੍ਰਣਾਲੀ ਦੀ ਉੱਚ-ਵਿੱਦਿਆ ਦਵਿਾ ਕੇ ਖੇਤੀਬਾੜੀ ਯੂਨੀਵਰਸਿਟੀ ਵਿਚ ਖੇਤੀ ਦੇ ਡਾਕਟਰ ਬਣਾ ਦਿੱਤਾ। ਉਨ੍ਹਾਂ ਤੋਂ ਅੱਗੇ ਪੜ੍ਹਿਆਂ ਨੂੰ ਖੇਤੀਬਾੜੀ ਮਹਿਕਮੇ ਦੇ ਅਫ਼ਸਰ ਲਾ ਦਿੱਤਾ। ਇਹ ਦੋਵੇਂ ਅਦਾਰੇ ਹਰੇ ਇਨਕਲਾਬ ਦੇ ਝੰਡਾ ਬਰਦਾਰ ਬਣ ਕੇ ਪਿੰਡੋ-ਪਿੰਡ ਨਵੇਂ ਬੀਜ, ਕੀਟ-ਨਾਸ਼ਕ ਦਵਾਈਆਂ ਤੇ ਮਸ਼ੀਨਰੀ ਦੇ ਸੇਲਜ਼ ਏਜੰਟ ਬਣ ਕੇ ਘੁੰਮਣ ਲੱਗੇ। ਹੁਣ ਡਾਕਟਰ ਦਾ ਕਿਹਾ ਅਨਪੜ੍ਹ ਕਿਸਾਨ ਕਿੱਦਾਂ ਮੋੜੇ? ਦੇਖਦੇ ਦੇਖਦੇ 1960 ਤੋਂ 1980 ਤੱਕ ਵਾਹੀ-ਬੀਜੀ ਦਾ ਪੁਰਾਣਾ ਢਾਂਚਾ ਖ਼ਤਮ ਹੋ ਗਿਆ। ਕਿਸਾਨ ਐਸੇ ਲੀਹੇ ਪਏ ਕਿ ਹੁਣ ਕੰਪਨੀਆਂ ਨੂੰ ਕਿਸਾਨ ਮੇਲੇ ਲਾ ਕੇ ਬੀਜਾਂ, ਕੀੜੇਮਾਰ ਦਵਾਈਆਂ ਦੀ ਮਸ਼ਹੂਰੀ ਕਰਨ ਲਈ ਖੇਤੀਬਾੜੀ ਯੂਨੀਵਰਸਿਟੀ ਜਾਂ ਖੇਤੀਬਾੜੀ ਮਹਿਕਮੇ ਦੀ ਮੋਹਰ ਦੀ ਵੀ ਲੋੜ ਨਾ ਰਹੀ। ਹਰ 8-10 ਸਾਲੀਂ ਨਵਾਂ ਟਰੈਕਟਰ ਲੈਣ ਵਾਸਤੇ ਕਿਸਾਨ ਖੁਦ-ਬ-ਖ਼ੁਦ ਆਪਣੀ ਜ਼ਮੀਨ ਦੇ ਕਾਗ਼ਜ਼ ਬੈਂਕ ਕੋਲ ਲੈ ਕੇ ਜਾਣ ਲੱਗ ਪਿਆ। ਟਰੈਕਟਰ ਕਿਹੜਾ ਵੱਛਾ ਹੁੰਦਾ ਜਿਸ ਨੂੰ ਘਰੇ ਜੰਮੇ ਨੂੰ ਪਾਲ ਕੇ ਬਲਦ ਬਣਾ ਲੈਂਦੇ ਸੀ; ਡੀਜ਼ਲ ਵੀ ਕੋਈ ਛਟਾਲਾ ਨਹੀਂ ਸੀ ਜਿਹੜਾ ਵੱਢਣ ਤੇ ਫਿਰ ਫੁੱਟ ਪੈਂਦਾ।

ਪੰਜਾਬ ਵਰਗੇ ਸੂਬੇ ਜਿਥੇ 50 ਸਾਲਾਂ ਤੋਂ ਕਣਕ ਤੇ ਝੋਨਾ ਐੱਮਐੱਸਪੀ ਤੇ ਵਿਕ ਰਿਹਾ ਹੈ ਤੇ ਕਣਕ ਦੀ ਐੱਮਐੱਸਪੀ 1970 ਵਿਚ 76 ਰੁਪਏ ਪ੍ਰਤੀ ਕੁਇੰਟਲ ਤੋਂ ਵਧਦੀ 2020 ਵਿਚ 1925 ਰੁਪਏ ਪ੍ਰਤੀ ਕੁਇੰਟਲ ਤੱਕ ਪਹੁੰਚ ਗਈ ਹੈ, ਵਿਚ ਆਮ ਕਿਸਾਨ ਦੀ ਆਰਥਿਕ ਹਾਲਤ ਹਰ ਸਾਲ ਨਿੱਘਰ ਰਹੀ ਹੈ। ਇਸ ਤੋਂ ਇਹ ਨਹੀਂ ਲਗਦਾ ਕਿ ਮੁਸਾਫ਼ਿਰ ਕਿਸੇ ਗਲਤ ਰਾਹ ਵਾਲੀ ਗੱਡੀ ਤੇ ਚੜ੍ਹ ਗਿਆ ਹੈ? ਐੱਮਐੱਸਪੀ ਪ੍ਰਣਾਲੀ ਵਿਚ ਕਈ ਬੁਨਿਆਦੀ ਨੁਕਸ ਹਨ; ਮਸਲਨ, ਜਦੋਂ ਖ਼ਰੀਦਦਾਰ (ਸਰਕਾਰ) ਨੇ ਹੀ ਕੀਮਤ ਤੈਅ ਕਰਨੀ ਹੈ, ਉਹ ਵੇਚਣ ਵਾਲੇ ਦਾ ਲਿਹਾਜ਼ ਕਿਉਂ ਕਰੇਗੀ? ਜੇ ਕਿਸਾਨ ਆਪਣੀ ਫ਼ਸਲ ਦੀ ਕੀਮਤ ਆਪ ਵੀ ਤੈਅ ਕਰੇ ਪਰ ਕੀਮਤ ਦੀ ਕਰੰਸੀ, ਭਾਵ ਰੁਪਏ ਦੀ ਕੀਮਤ ਫਿਰ ਸਰਕਾਰ ਦੇ ਹੱਥ ਹੋਵੇ ਤਾਂ ਫਿਰ ਨਿਆਂ ਦੀ ਆਸ ਰੱਖਣੀ ਮੂਰਖ਼ਤਾ ਵਾਲੀ ਗੱਲ ਨਹੀਂ ਹੋਵੇਗੀ?

ਹੁਣ ਡਾ. ਸਵਾਮੀਨਾਥਨ ਰਿਪੋਰਟ ਦੀ ਗੱਲ ਵੀ ਕਰ ਲਈਏ ਜਿਹਦੇ ਸਹਾਰੇ ਸਮੂਹ ਕਿਸਾਨ ਜਥੇਬੰਦੀਆਂ ਲੰਮੇ ਸਮੇਂ ਤੋਂ ਐੱਮਐੱਸਪੀ ਮੰਗ ਰਹੀਆਂ ਹਨ। ਇਸ ਰਿਪੋਰਟ ਦੇ ਫ਼ਾਰਮੂਲੇ ਸੀ2+50% ਮੁਤਾਬਕ, ਫ਼ਸਲ ਦੀ ਕੀਮਤ ਉਹਦੇ ਉਤਪਾਦਨ ਦਾ ਕੁੱਲ ਖ਼ਰਚੇ+50% ਮੁਨਾਫ਼ੇ ਦੇ ਹਿਸਾਬ ਨਾਲ ਤੈਅ ਕਰਨੀ ਚਾਹੀਦੀ ਹੈ। ਇਹ ਗੱਲ ਸੁਣਨ ਨੂੰ ਬਹੁਤ ਚੰਗੀ ਲਗਦੀ ਹੈ, ਕਹਿ ਵੀ ਸਰਕਾਰ ਦਾ ਨਾਮੀ ਅਰਥ-ਸ਼ਾਸਤਰੀ ਰਿਹਾ ਪਰ ਜਦੋਂ ਤੁਸੀਂ ਇਸ ਫਾਰਮੂਲੇ ਨੂੰ ਖੋਲ੍ਹ ਕੇ ਦੇਖਦੇ ਹੋ ਤਾਂ ਇਸ ਦੇ ਤਰਕ ਵਿਚ ਵੱਡਾ ਨੁਕਸ ਨਜ਼ਰ ਪੈਂਦਾ ਹੈ ਜਿਹੜਾ ਕੁਦਰਤ ਦੇ ਪੈਦਾਵਾਰੀ ਨਿਯਮਾ ਵਿਚ ਫਿੱਟ ਨਹੀਂ ਬੈਠਦਾ। ਸੀ2+50% ਫ਼ਾਰਮੂਲੇ ਮੁਤਾਬਕ, ਫ਼ਸਲ ਪੈਦਾ ਕਰਨ ਤੇ ਖ਼ਰਚਾ ਜਿੰਨਾ ਵਧਦਾ ਜਾਵੇਗਾ, ਓਨਾ ਹੀ ਉਹਦਾ 50 ਫ਼ੀਸਦੀ ਮੁਨਾਫ਼ਾ ਵਧ ਜਾਵੇਗਾ; ਭਾਵ, ਜੇ ਟਰੈਕਟਰ, ਡੀਜ਼ਲ, ਖਾਦਾਂ ਆਦਿ ਦੀਆਂ ਕੀਮਤਾਂ ਵਧਣ ਨਾਲ ਪੈਦਾਵਾਰ ਦਾ ਕੁੱਲ ਖ਼ਰਚਾ ਵਧੇਗਾ ਤਾਂ ਕਿਸਾਨ ਦਾ ਮੁਨਾਫ਼ਾ ਵੀ ਵਧ ਜਾਵੇਗਾ।

ਹੁਣ ਸਵਾਲ ਹੈ: ਜੇ ਐੱਮਐੱਸਪੀ ਕਿਸਾਨੀ ਸੰਕਟ ਦਾ ਹੱਲ ਨਹੀਂ ਤਾਂ ਫਿਰ ਉਹ ਕਿਹੜੇ ਰਾਹ ਤੁਰੇ? ਮੌਜੂਦਾ ਕਿਸਾਨੀ ਅੰਦੋਲਨ ਨੇ ਸਮੁੱਚੀ ਕਿਸਾਨੀ ਨੂੰ ਇਹ ਮੌਕਾ ਦਿੱਤਾ ਕਿ ਉਹ 50-60 ਸਾਲ ਪਹਿਲਾਂ ਗ਼ਲਤ ਰਾਹ ਵਾਲੀ ਜਿਹੜੀ ਗੱਡੀ ਤੇ ਚੜ੍ਹ ਗਿਆ ਸੀ, ਪਹਿਲਾਂ ਉਸ ਤੋਂ ਛਾਲ ਮਾਰ ਕੇ ਉਤਰੇ, ਫਿਰ ਖ਼ੁਦ ਨੂੰ ਸਵਾਲ ਕਰੇ।

ਜੇ ਐੱਮਐੱਸਪੀ ਮਿਲਣ ਨਾਲ ਮਸਲਾ ਹੱਲ ਹੋ ਜਾਂਦਾ ਤਾਂ ਲੱਖਾਂ ਕਿਸਾਨ ਕਰਜ਼ੇ ਥੱਲੇ ਕਿਉਂ ਆਉਂਦੇ?

ਜਿਹੜੀ ਖੇਤੀ ਯੂਨੀਵਰਸਿਟੀ ਦੇ ਵਿਦਵਾਨਾਂ ਅਤੇ ਖੇਤੀ ਮਹਿਕਮੇ ਦੇ ਅਫਸਰਾਂ ਨੇ ਜ਼ਮੀਨ ਹੇਠਲੇ ਪਾਣੀ ਦੇ ਹਰ ਸਾਲ 2-4 ਫੁੱਟ ਥੱਲੇ ਡਿੱਗਣ ਤੇ ਸਵਾਲ ਤੱਕ ਨਹੀਂ ਕੀਤਾ ਤੇ ਨਾ ਆਵਾਜ਼ ਉਠਾਈ, ਉਨ੍ਹਾਂ ਤੋਂ ਇਸ ਸਮੱਸਿਆ ਦੇ ਹੱਲ ਦੀ ਕੀ ਆਸ ਰੱਖੀ ਜਾ ਸਕਦੀ ਹੈ? ਜਿਹੜੀ ਰਫ਼ਤਾਰ ਨਾਲ ਪਾਣੀ ਦਾ ਪੱਧਰ ਡਿਗ ਰਿਹਾ ਹੈ, ਹੋਰ ਥੋੜ੍ਹੇ ਸਾਲਾਂ ਨੂੰ ਡੂੰਘੇ ਟਿਊਬਵੈੱਲ ਦੇ ਪੰਪ ਵੀ ਜਵਾਬ ਦੇ ਦੇਣਗੇ। ਫਿਰ ਕਿਹੜੀ ਜ਼ਮੀਨ ਤੇ ਕਿਹੜੀ ਖੇਤੀ? ਪਾਣੀ ਤਾਂ ਛੱਡੋ, ਜੇ ਸੰਸਾਰ ਮੰਡੀ ਵਿਚ ਕੋਲੇ ਤੇ ਤੇਲ ਦੀ ਤੰਗੀ ਆ ਜਾਵੇ (ਜਿਸ ਨੂੰ ਆਉਣ ਤੋਂ ਕੋਈ ਰੋਕ ਨਹੀਂ ਸਕਦਾ), ਫਿਰ ਮੌਜੂਦਾ ਖੇਤੀ ਮਾਡਲ ਕਿੱਦਾਂ ਚੱਲੇਗਾ?

ਐੱਮਐੱਸਪੀ ਦੀ ਲਤ ਸਰਕਾਰ ਨੇ ਬਿਨਾ ਮੰਗਿਆਂ ਲਾਈ ਸੀ, ਹੁਣ ਜਦੋਂ ਅਮਲੀ ਦਾ ਅਮਲ ਟੁੱਟ ਰਿਹਾ ਹੈ ਤਾਂ ਨਸ਼ਾ ਵੇਚਣ ਵਾਲੇ ਤਮਾਸ਼ਾ ਦੇਖ ਰਹੇ ਹਨ। ਇਹ ਵੀ ਨਾ ਭੁੱਲਿਓ ਕਿ ਤੁਸੀਂ ਬਾਜ਼ਾਰ ਵਿਚ ਕਿਸੇ ਵੀ ਖਰੀਦਦਾਰ ਨੂੰ ਢਾਹ ਕੇ ਉਹਦੀ ਜੇਬ ਵਿਚੋਂ ਪੈਸੇ ਤਾਂ ਕੱਢ ਸਕਦੇ ਹੋ ਪਰ ਉਹਨੂੰ ਆਪਣੀ ਚੀਜ਼ ਖਰੀਦਣ ਲਈ ਮਜਬੂਰ ਨਹੀਂ ਕਰ ਸਕਦੇ, ਉਹ ਵੀ ਆਪਣੀ ਕੀਮਤ ਉੱਤੇ। ਕਿਸਾਨ ਜਥੇਬੰਦੀਆਂ, ਖਾਸਕਰ ਉਨ੍ਹਾਂ ਦੇ ਆਗੂ, ਸਮੁੱਚੇ ਲੋਕਾਂ ਵੱਲੋਂ ਧੰਨਵਾਦ ਦੇ ਪਾਤਰ ਹਨ। ਇਹ ਉਹ ਲੋਕ ਹਨ ਜਿਨ੍ਹਾਂ ਸਭ ਤੋਂ ਪਹਿਲਾਂ ਨਵੇਂ ਕਾਨੂੰਨਾਂ ਦੇ ਖ਼ਤਰਨਾਕ ਮਨਸੂਬਿਆਂ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਵਾਇਆ, ਫਿਰ ਲਾਮਬੰਦ ਕੀਤਾ ਅਤੇ ਇੱਕਜੁੱਟ ਹੋ ਕੇ ਇਤਿਹਾਸਕ ਘੋਲ ਦੀ ਅਗਵਾਈ ਕਰਦਿਆਂ ਸਰਕਾਰ ਦੇ ਗੋਡੇ ਲਵਾਏ। ਹੁਣ ਇਨ੍ਹਾਂ ਆਗੂਆਂ ਸਾਹਮਣੇ ਇਕ ਹੋਰ ਜ਼ਿੰਮੇਵਾਰੀ ਹੈ। ਜ਼ਮੀਨ ਤਾਂ ਬਚ ਗਈ, ਹੁਣ ਜ਼ਮੀਨ ਹੇਠਲੀ ਮਿੱਟੀ ਤੇ ਪਾਣੀ ਕਿੱਦਾਂ ਬਚਾਇਆ ਜਾਵੇ? ਹੁਣ ਸਵਾਲ ਹੈ ਕਿ ਕਿਸਾਨੀ ਨੂੰ ਫਿਰ ਉਸੇ ਲੀਹੇ ਪਿਆ ਰਹਿਣ ਦੇਣ ਤੇ ਹਰ ਸਾਲ ਕਰਜ਼ੇ ਮੁਆਫ਼ ਕਰਾਉਣ, ਐੱਮਐੱਸਪੀ ਵਧਾਉਣ ਅਤੇ ਸਮੇਂ ਸਿਰ ਸਰਕਾਰੀ ਖ਼ਰੀਦ ਸ਼ਰੂ ਕਰਨ ਲਈ ਮੋਰਚੇ ਲਾਉਂਦੇ ਰਹਿਣ ਜਾਂ ਫਿਰ ਇਸ ਰਾਹ ਦੇ ਖ਼ਤਰਿਆਂ ਤੋਂ ਜਾਣੂ ਕਰਵਾਉਣ ਅਤੇ ਕੋਈ ਬਿਹਤਰ ਰਾਹ ਦਰਸਾਉਣ। ਅਜਿਹਾ ਖੇਤੀ ਮਾਡਲ ਜਿਸ ਨਾਲ ਮਿੱਟੀ ਵਿਚਲੀ ਤਾਕਤ ਵੀ ਬਣੀ ਰਹੇ, ਧਰਤੀ ਹੇਠਲਾ ਪਾਣੀ ਵੀ ਨਾ ਮੁੱਕੇ ਅਤੇ ਨਾ ਹੀ ਅਜਿਹੀ ਫ਼ਸਲ ਉਗਾਉਣੀ ਪਵੇ ਜਿਸ ਨੂੰ ਵੇਚਣ ਲਈ ਸਰਕਾਰ ਦੇ ਹਾੜ੍ਹੇ ਕੱਢਣੇ ਪੈਣ।


ਦਾਰਾ ਢਿੱਲੋਂ 

*ਡਾਇਰੈਕਟਰ, ਸਸਟੇਨੇਬਲ ਫੂਡ ਪ੍ਰੋਡਕਸ਼ਨ ਰਿਸਰਚ ਸੈਂਟਰ, ਸਿਡਨੀ, ਆਸਟਰੇਲੀਆ।

 

ਟਿਕਾਊ ਖੇਤੀ: ਪੰਜਾਬ ਦੇ ਖੇਤੀ ਸੰਕਟ ਦਾ ਹੱਲ

This Article first published in the Punjabi Tribune on 15 March 2022

ਟਿਕਾਊ ਖੇਤੀ ਮਾਡਲ ਦਾ ਭਾਵ ਹੈ: ਅਨਾਜ ਪੈਦਾਵਾਰ ਦਾ ਇਕ ਅਜਿਹਾ ਤਰੀਕਾ ਜਿਹੜਾ ਮਿੱਟੀ ਵਿਚਲੇ ਖਣਿਜ ਪਦਾਰਥ, ਉਸ ਦੇ ਵਿਚ ਵਸਦੇ ਗੰਡੋਏ ਆਦਿ, ਜ਼ਮੀਨ ਹੇਠਲਾ ਪਾਣੀ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਪਹੁੰਚਾਏ ਬਗੈਰ ਮਨੁੱਖ ਦੀਆਂ ਮੌਜੂਦਾ ਬੁਨਿਆਦੀ ਲੋੜਾਂ ਪੂਰੀਆਂ ਕਰਨ ਜੋਗੀ ਉਪਜ ਦੇ ਸਕੇ ਤੇ ਅਗਲੀ ਪੀੜ੍ਹੀ ਨੂੰ ਵੀ ਉਹੀ ਸਾਧਨ ਅਤੇ ਹਾਲਾਤ ਦੇ ਕੇ ਜਾਵੇ ਜੋ ਤੁਹਾਡੇ ਪੁਰਖੇ ਤੁਹਾਡੇ ਲਈ ਛੱਡ ਕੇ ਗਏ ਸਨ। ਹਰੇ ਇਨਕਲਾਬ ਵਾਲੀ ਮਸ਼ੀਨੀ ਖੇਤੀ ਨੂੰ ਇਸ ਸੰਦਰਭ ਵਿਚ ਰੱਖ ਕੇ ਦੇਖਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਠੱਗੀ ਕਰ ਲਈ ਹੈ।

ਮੌਜੂਦਾ ਮਸ਼ੀਨੀ ਖੇਤੀ ਪ੍ਰਣਾਲੀ ਦਾ ਵੱਡਾ ਹਿੱਸਾ ਪੈਟਰੋਲ/ਡੀਜ਼ਲ/ਸਸਤੇ ਖਣਿਜ ਤੇਲਾਂ (ਫੌਸਿਲ ਫਿਊਲਜ਼) ਉੱਪਰ ਨਿਰਭਰ ਕਰਦਾ ਹੈ। ਖਣਿਜ ਤੇਲਾਂ ਤੋਂ ਹੀ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਬਣਦੀਆਂ ਹਨ, ਕੋਲ਼ਾ-ਤੇਲ ਬਾਲ ਕੇ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਬਿਜਲੀ ਬਗੈਰ ਟਰੈਕਟਰ ਤੇ ਹੋਰ ਮਸ਼ੀਨਾਂ ਬਣਾਉਣ ਵਾਲੀਆਂ ਫੈਕਟਰੀਆਂ ਨਹੀਂ ਚੱਲ ਸਕਦੀਆਂ। ਇਸ ਸਭ ਤੋਂ ਬਿਨਾਂ ਹਰੀ ਕ੍ਰਾਂਤੀ ਦਾ ਮਾਡਲ ਜਿਉਂਦਾ ਨਹੀਂ ਰਹਿ ਸਕਦਾ। ਖੇਤੀ ਜਾਂ ਕੋਈ ਵੀ ਕਾਰੋਬਾਰ ਓਨਾ ਚਿਰ ਹੀ ਚਲਦਾ ਹੈ ਜਿੰਨਾ ਚਿਰ ਲਾਗਤ ਘੱਟ ਤੇ ਪੈਦਾਵਾਰ ਵੱਧ ਹੋਵੇ। ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਸ ਨਿਯਮ ਨੂੰ ਪੈਸੇ ਦੇ ਪੱਖ ਤੋਂ ਪੜ੍ਹਾਇਆ ਜਾਂਦਾ ਹੈ। ਮਸਲਨ ਜੇ ਤੁਸੀਂ 100 ਰੁਪਏ ਲਾ ਕੇ 110 ਰੁਪਏ ਕਮਾ ਲੈਂਦੇ ਹੋ ਤਾਂ ਸਭ ਕੁਝ ਠੀਕ ਹੈ, ਪਰ ਕੁਦਰਤ ਦੇ ਪੈਦਾਵਾਰੀ ਨਿਯਮ ਪੈਸੇ ’ਤੇ ਨਹੀਂ, ਊਰਜਾ ਦੇ ਨਿਯਮਾਂ ’ਤੇ ਚਲਦੇ ਹਨ। ਸਿਰਫ਼ ਮਨੁੱਖ ਹੀ ਆਪਣੀ ਕਿਰਤ ਤੇ ਪੈਦਾਵਾਰ ਨੂੰ ਪੈਸਿਆਂ ਨਾਲ ਤੋਲਦਾ ਹੈ, ਬਾਕੀ ਸਾਰੇ ਜੀਵ ਜੰਤੂ ਕੁਦਰਤ ਦੇ ਇਸ ਕਾਨੂੰਨ ਨੂੰ ਮੰਨ ਕੇ ਚਲਦੇ ਹਨ ਜਿਸ ਮੁਤਾਬਿਕ ਖੇਤੀ ਜਾਂ ਕਿਸੇ ਵੀ ਹੋਰ ਕਾਰੋਬਾਰ ਕਰਨ ਵਿੱਚ ਜੇ ਤਾਕਤ ਜ਼ਿਆਦਾ ਲੱਗੇ, ਜਿੰਨੀ ਉਸ ਦੇ ਉਪਜੇ ਫਲ ਨੇ ਤਾਕਤ ਤੁਹਾਨੂੰ ਵਾਪਸ ਦੇਣੀ ਹੈ ਤਾਂ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਚਲਦਾ ਨਹੀਂ ਰਹਿ ਸਕਦਾ। ਖੇਤੀ ਦੇ ਸੰਦਰਭ ਵਿਚ, ਇਹ ਘਾਟੇ ਵਾਲਾ ਸੌਦਾ ਤੁਹਾਨੂੰ ਛੇਤੀ ਹੀ ਕਰਜ਼ਾਈ ਕਰ ਦਿੰਦਾ ਹੈ ਤੇ ਆਖ਼ਰਕਾਰ ਦੀਵਾਲੀਆ। ਮੋਟਰਾਂ ਦੀ ਮੁਫ਼ਤ ਬਿਜਲੀ ਨਾਲ ਕਿਸਾਨ ਦਾ ਲਾਗਤ ਖਰਚਾ ਤਾਂ ਘਟ ਸਕਦਾ ਹੈ, ਪਰ ਮੋਟਰ-ਪੰਪ ਦੀ ਪਾਣੀ ਕੱਢਣ ’ਤੇ ਲੱਗੀ ਊਰਜਾ ਤਾਂ ਓਨੀ ਹੀ ਲੱਗਦੀ ਹੈ ਜਿੰਨੀ ਮੁੱਲ ਦੀ ਬਿਜਲੀ ਨਾਲ ਲੱਗਦੀ ਸੀ। ਜਿਉਂ-ਜਿਉਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਂਦਾ ਹੈ, ਉਸ ਨੂੰ ਉੱਪਰ ਖਿੱਚਣ ’ਤੇ ਊਰਜਾ ਦੀ ਲਾਗਤ ਕਈ ਗੁਣਾ ਹੋਰ ਵਧ ਜਾਂਦੀ ਹੈ। ਜਿਉਂ-ਜਿਉਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਮਿੱਟੀ ਦੇ ਸੂਖ਼ਮ ਜੀਵ ਮਰਦੇ ਜਾਂਦੇ ਹਨ, ਤਿਉਂ-ਤਿਉਂ ਬਾਹਰੋਂ ਲਿਆ ਕੇ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਲੋੜ ਸਾਲ-ਦਰ-ਸਾਲ ਵਧਦੀ ਜਾਂਦੀ ਹੈ। ਇਸ ਕਾਰਨ ਹਰ ਸਾਲ ਊਰਜਾ ਅਤੇ ਪੈਸੇ ਦੀ ਲਾਗਤ ਵਧਦੀ ਜਾਂਦੀ ਹੈ, ਪਰ ਫ਼ਸਲ ਦਾ ਝਾੜ ਇੱਕ ਦਾਣਾ ਵੀ ਨਹੀਂ ਵਧਦਾ।

ਮਸ਼ੀਨੀ ਖੇਤੀ ਮਾਡਲ ਦਾ ਇਕ ਹੋਰ ਖ਼ਾਸਾ ਇਹ ਵੀ ਹੈ ਕਿ ਮਸ਼ੀਨਾਂ ਦੀ ਵਰਤੋਂ ਕਰ ਕੇ ਇਕ-ਦੋ ਫ਼ਸਲਾਂ ਹੀ ਵੱਡੇ ਪੱਧਰ ’ਤੇ ਬੀਜੀਆਂ ਵੱਢੀਆਂ ਜਾਣ। ਇਸ ਫ਼ਸਲ ਦਾ ਲਗਭਗ ਸਾਰਾ ਹਿੱਸਾ ਫਿਰ ਮੰਡੀ ’ਚ ਵੇਚਿਆ ਜਾਂਦਾ ਹੈ। ਜਦੋਂ ਕੋਈ ਕਿਸਾਨ ਟਰਾਲੀ ਭਰ ਕੇ ਕਣਕ, ਝੋਨਾ ਜਾਂ ਕੋਈ ਵੀ ਫ਼ਸਲ ਮੰਡੀ ਸੁੱਟ ਕੇ ਆਉਂਦਾ ਹੈ ਤਾਂ ਉਹ ਅਸਲ ਵਿਚ ਆਪਣੀ ਜ਼ਮੀਨ ਦੇ ਖਣਿਜ ਪਦਾਰਥ ਤੇ ਜ਼ਮੀਨ ਹੇਠਲਾ ਪਾਣੀ ਕੱਢ ਕੇ ਕਿਸੇ ਦੂਰ ਦੁਰਾਡੇ ਦੇ ਸ਼ਹਿਰ ਵਿਚ ਭੇਜ ਰਿਹਾ ਹੁੰਦਾ ਹੈ। ਹਾਂ, ਉਹਨੂੰ ਫ਼ਸਲ ਦੇ ਇਵਜ਼ ਵਿਚ ਕੁਝ ਪੈਸੇ ਜ਼ਰੂਰ ਮਿਲਦੇ ਹਨ। ਉਨ੍ਹਾਂ ਪੈਸਿਆਂ ਨਾਲ ਸ਼ਹਿਰੋਂ ਵਾਪਸੀ ’ਤੇ ਉਹ ਦੋ ਡਰੰਮ ਡੀਜ਼ਲ, 1 ਪੀਪੀ ਕੀੜੇਮਾਰ ਦਵਾਈ ਤੇ ਕੁਝ ਬੋਰੀਆਂ ਖਾਦ ਦੀਆਂ ਖਰੀਦ ਲਿਆਉਂਦਾ ਹੈ। ਜਿਹੜੀ ਫ਼ਸਲ ਉਹ ਮੰਡੀ ਵੇਚਣ ਜਾਂਦਾ ਹੈ, ਨਾ ਤਾਂ ਉਹਦੀ ਕੀਮਤ ਕਿਸਾਨ ਦੇ ਹੱਥ ਵੱਸ ਹੁੰਦੀ ਹੈ ਤੇ ਨਾ ਖ਼ਰੀਦਣ ਵਾਲੀਆਂ ਵਸਤਾਂ ਦੀ। ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਇਸੇ ਵੇਚਣ-ਖਰੀਦਣ ਦੇ ਚੱਕਰ ’ਚ ਉਹ ਕਿਹੜੇ ਵੇਲੇ ਕਰਜ਼ੇ ਹੇਠ ਆ ਜਾਂਦਾ ਹੈ।

ਬਹੁਤ ਸਾਰੇ ਨਾਮਵਰ ਅਰਥ ਸਾਸ਼ਤਰੀ ਇਸ ਕਰਜ਼ਾਈ ਵਵਿਸਥਾ ਨੂੰ ਚਾਲੂ ਰੱਖਣ ਲਈ ਸਰਕਾਰੀ ਸਬਸਿਡੀ ਅਤੇ ਸਰਕਾਰ ਵੱਲੋਂ ਘੱਟੋ ਘੱਟ ਕੀਮਤ ’ਤੇ ਖ਼ਰੀਦ (ਐੱਮ.ਐੱਸ.ਪੀ.) ਵਾਲੇ ਰਾਹ ਦੀ ਵਕਾਲਤ ਕਰਦੇ ਹਨ। ਸਰਕਾਰ ਕਿਸੇ ਇਕ ਜਮਾਤ ’ਤੇ ਟੈਕਸ ਲਾ ਕੇ ਕਿਸੇ ਦੂਜੀ ਜਮਾਤ ਨੂੰ ਸਬਸਿਡੀ ਦੇ ਕੇ ਇਹ ਸੰਭਵ ਕਰ ਵੀ ਸਕਦੀ ਹੈ, ਪਰ ਜਿਹੜਾ ਊਰਜਾ ਦਾ ਘਾਟਾ ਹਰ ਫ਼ਸਲ ਦੇ ਉਤਪਾਦਨ ਚੱਕਰ ਵਿੱਚ ਹੋ ਰਿਹਾ ਹੈ ਉਸ ਨੂੰ ਨਾ ਤਾਂ ਝੁਠਲਾ ਸਕਦੀ ਹੈ ਅਤੇ ਨਾ ਹੀ ਪੂਰ ਸਕਦੀ ਹੈ। ਸਰਕਾਰੀ ਨੀਤੀਘਾੜੇ ਇਸ ਸਬਸਿਡੀ ਅਤੇ ਖ਼ਰੀਦੋ-ਫਰੋਖਤ ਵਾਲੇ ਨਿਜ਼ਾਮ ਦੀ ਇਸ ਲਈ ਵੀ ਵਕਾਲਤ ਕਰਦੇ ਹਨ ਕਿਉਂਕਿ ਇਹ ਪ੍ਰਬੰਧ ਫ਼ਸਲ ਦੀ ਖਰੀਦ ਅਤੇ ਭੰਡਾਰਨ ਆਦਿ ਨਾਲ ਸਬੰਧਿਤ ਵੱਖ ਵੱਖ ਸਰਕਾਰੀ ਮਹਿਕਮਿਆਂ ਆਦਿ ਦੇ ਕਈ ਭ੍ਰਿਸ਼ਟ ਕਰਮਚਾਰੀਆਂ ਨੂੰ ਆਪਣੇ ਹੱਥ ਰੰਗਣ ਦਾ ਮੌਕਾ ਦਿੰਦਾ ਹੈ, ਪਰ ਕੁਝ ਚੀਜ਼ਾਂ ਸਚਮੁੱਚ ਸਰਕਾਰ ਅਤੇ ਨੀਤੀਘਾੜੇ ਅਫ਼ਸਰਾਂ ਦੇ ਹੱਥ ਵੱਸ ਤੋਂ ਬਾਹਰ ਹਨ। ਖੇਤੀ ਦੀਆਂ ਤਕਰੀਬਨ ਸਾਰੀਆਂ ਮਸ਼ੀਨਾਂ ਡੀਜ਼ਲ ਨਾਲ ਚਲਦੀਆਂ ਹਨ ਤੇ ਡੀਜ਼ਲ ਨਾ ਸਿਰਫ਼ ਬਾਹਰਲੇ ਮੁਲਕਾਂ ਤੋਂ ਮੁੱਲ ਲੈਣਾ ਪੈਂਦਾ ਹੈ ਸਗੋਂ ਡੀਜ਼ਲ ਦੇ ਭੰਡਾਰ ਪੂਰੇ ਸੰਸਾਰ ਵਿਚੋਂ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਵੱਖ ਵੱਖ ਅੰਦਾਜ਼ਿਆਂ ਮੁਤਾਬਿਕ ਕੁੱਲ ਤੇਲ ਭੰਡਾਰਾਂ ਦੇ ਦੋ ਤਿਹਾਈ ਹਿੱਸੇ ਦਾ ਮਨੁੱਖ ਜਾਤੀ ਨੇ ਬੀਤੇ 100 ਸਾਲਾਂ ’ਚ ਸਫ਼ਾਇਆ ਕਰ ਦਿੱਤਾ ਹੈ ਤੇ ਬੇਤਹਾਸ਼ਾ ਵਧੀ ਹੋਈ ਰੋਜ਼ਾਨਾ ਖ਼ਪਤ ਕਾਰਨ ਬਾਕੀ ਇੱਕ ਤਿਹਾਈ ਤੇਲ ਵੀ ਆਉਂਦੇ ਤਕਰੀਬਨ 20 ਸਾਲਾਂ ’ਚ ਨਿੱਬੜ ਜਾਵੇਗਾ। ਤੇਲ ਦੇ ਜ਼ਿਆਦਾਤਰ ਖੂਹ ਸੁੱਕ ਜਾਣਗੇ ਜਾਂ ਏਨੇ ਡੂੰਘੇ ਹੋ ਜਾਣਗੇ ਕਿ 100 ਲਿਟਰ ਤੇਲ ਕੱਢਣ ਲਈ 120 ਲੀਟਰ ਤੇਲ ਬਾਲਣਾ ਪਵੇਗਾ। ਸਵਾਲ ਇਹ ਹੈ ਕਿ ਈਂਧਣ ਤੇਲ ਮੁੱਕ ਜਾਣ ’ਤੇ ਮਸ਼ੀਨੀ ਖੇਤੀ ਮਾਡਲ ਦਾ ਕੀ ਬਣੇਗਾ? ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ, ਕੀ ਅੱਜ ਤੱਕ ਖੇਤੀਬਾੜੀ ਵਿਭਾਗ ਦੇ ਕਿਸੇ ਅਫ਼ਸਰ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਸਵਾਲ ਦਾ ਜ਼ਿਕਰ ਤੱਕ ਵੀ ਕੀਤਾ? ਇਹ ਕਹਿਣਾ ਮੁਸ਼ਕਿਲ ਹੈ ਕਿ ਮੌਜੂਦਾ ਖੇਤੀ ਮਾਡਲ ਦਾ ਪਤਨ ਇਕਦਮ ਹੋਵੇਗਾ ਜਾਂ ਹੌਲੀ ਹੌਲੀ ਆਪਣੀ ਸ਼ਕਲ ਤਬਦੀਲ ਕਰੇਗਾ? ਕੋਈ ਸਮਾਜ ਇਸ ਸਥਿਤੀ ਨੂੰ ਕਿੰਨੀ ਛੇਤੀ ਸਮਝ ਲੈਂਦਾ ਹੈ ਅਤੇ ਆਉਣ ਵਾਲੀ ਤਬਦੀਲੀ ਲਈ ਕਿੰਨੀ ਅਗਾਊਂ ਤਿਆਰੀ ਕਰਦਾ ਹੈ, ਇਸ ਗੱਲ ਵਿੱਚ ਇਸ ਸਵਾਲ ਦਾ ਜਵਾਬ ਹੈ।

ਭਵਿੱਖ ਦਾ ਖੇਤੀ ਮਾਡਲ ਕਿਸ ਤਰ੍ਹਾਂ ਦਾ ਹੋ ਸਕਦਾ ਹੈ? ਇਸ ਦਾ ਅੰਦਾਜ਼ਾ ਦੋ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ। ਇੱਕ ਤਾਂ ਖੇਤੀ ਦੇ ਉਸ ਮਾਡਲ ਦੀ ਤਸਵੀਰ ਹੈ ਜਿਹੜੀ ਖਣਿਜ ਤੇਲ/ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਆਗਮਨ ਤੋਂ ਪਹਿਲਾਂ ਹੋਂਦ ਵਿਚ ਸੀ। ਜ਼ਿਆਦਾ ਨਹੀਂ, ਬਸ ਦੋ-ਤਿੰਨ ਪੀੜ੍ਹੀਆਂ ਪੁਰਾਣੀ ਗੱਲ ਹੈ। ਜੇ ਉਹ ਵੀ ਭੁੱਲ ਗਈ ਹੈ ਤਾਂ ਅੱਜ ਦੀ ਤਰੀਕ ਵਿਚ ਮਿਲਦੀ ਦੂਜੀ ਮਿਸਾਲ ਕਿਊਬਾ ਦੀ ਹੈ। ਕੌਮਾਂਤਰੀ ਝਗੜੇ ਕਾਰਨ ਅਮਰੀਕਾ ਨੇ ਆਪਣੀ ਫ਼ੌਜ ਦੇ ਜ਼ੋਰ ’ਤੇ ਉਸ ਦੇਸ਼ ’ਤੇ ਪਿਛਲੇ 60 ਸਾਲ ਤੋਂ ਆਰਥਿਕ ਘੇਰਾਬੰਦੀ ਕੀਤੀ ਹੋਈ ਹੈ ਜਿਸ ਤਹਿਤ ਤੇਲ ਦੀ ਸਪਲਾਈ ਵੀ ਰੋਕੀ ਹੋਈ ਹੈ। ਲਿਹਾਜ਼ਾ, ਉਹ ਦੇਸ਼ ਹਰੇ ਇਨਕਲਾਬ ਤੋਂ ਬਚਿਆ ਰਹਿ ਗਿਆ ਤੇ ਉੱਥੋਂ ਦੇ ਲੋਕਾਂ ਨੇ ਪੁਰਾਣੇ ਸੰਦਾਂ ਅਤੇ ਡੰਗਰਾਂ ਨਾਲ ਹੀ ਖੇਤੀ ਜਾਰੀ ਰੱਖੀ।

ਕਿਸੇ ਜਗ੍ਹਾ ਦੇ ਪੈਦਾਵਾਰੀ ਸਾਧਨ ਉਸ ਸਮਾਜ ਦੀ ਆਰਥਿਕ ਸਮਾਜਿਕ ਹਾਲਤ ਵੀ ਨਿਰਧਾਰਤ ਕਰਦੇ ਹਨ। ਜਦੋਂ ਅਸੀਂ ਹਰੇ ਇਨਕਲਾਬ ਵਾਲੇ ਮਸ਼ੀਨੀ ਖੇਤੀ ਮਾਡਲ ਤੋਂ ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਵੱਲ ਵਾਪਸ ਜਾਵਾਂਗੇ ਤਾਂ ਸਮਾਜ ਵਿਚ ਕੁਝ ਹੋਰ ਤਬਦੀਲੀਆਂ ਵੀ ਆਉਣਗੀਆਂ। ਮਸਲਨ, ਅਨਾਜ ਦੀ ਕੁੱਲ ਪੈਦਾਵਾਰ ਘਟੇਗੀ ਜਿਸ ਨਾਲ ਉਸ ਸਮਾਜ ਦੀ ਜਨਸੰਖਿਆ ਵੀ ਘਟੇਗੀ। ਹਰੇਕ ਪਰਵਿਾਰ ਦੀ ਖੇਤੀ ’ਚੋਂ ਪੈਦਾਵਾਰ ਵੀ ਘਟੇਗੀ ਜਿਸਦੇ ਫਲਸਰੂਪ ਉਸ ਕੋਲ ਏਨੀ ਵਧੇਰੇ ਫ਼ਸਲ ਨਹੀਂ ਹੋਵੇਗੀ ਜਿਸ ਨੂੰ ਮੰਡੀ ’ਚ ਵੇਚ ਕੇ ਉਹ ਕਾਰਾਂ, ਟੀ.ਵੀ., ਮੋਬਾਈਲ ਫ਼ੋਨ ਆਦਿ ਸ਼ੈਆਂ ਖ਼ਰੀਦ ਸਕੇ। ਦੂਸਰੇ ਸ਼ਬਦਾਂ ਵਿੱਚ, ਜਿਹੜਾ ‘ਉੱਚਾ’ ਜੀਵਨ ਮਿਆਰ ਉਹਨੇ ਆਪਣੀ ਮਿੱਟੀ ਅਤੇ ਪਾਣੀ ਦੀ ਕੀਮਤ ’ਤੇ ਬਣਾਇਆ ਸੀ, ਉਸ ਤੋਂ ਵਾਪਸ ਆਪਣੇ ਦਾਦੇ ਪੜਦਾਦੇ ਵਾਲੀ ਥਾਂ ’ਤੇ ਜਾਣਾ ਪਵੇਗਾ, ਭਾਵੇਂ ਰੋ ਕੇ ਜਾਵੇ ਤੇ ਭਾਵੇਂ ਹੱਸ ਕੇ। ਇਸ ਆਉਣ ਵਾਲੀ ਤਬਦੀਲੀ ਵਿਚ ਕਈ ਆਸ ਦੀਆਂ ਕਿਰਨਾਂ ਵੀ ਨਜ਼ਰ ਆਉਂਦੀਆਂ ਹਨ। ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਮਿੱਟੀ ਨੂੰ ਹੌਲੀ-ਹੌਲੀ ਜ਼ਹਿਰ ਮੁਕਤ ਕਰ ਦੇਵੇਗੀ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੌਲੀ ਹੌਲੀ ਉੱਪਰ ਉੱਠਣਾ ਸ਼ੁਰੂ ਹੋ ਜਾਵੇਗਾ ਅਤੇ ਵਾਤਾਵਰਨ ਸਾਫ਼ ਹੋ ਜਾਵੇਗਾ। ਜਦੋਂ ਕਿਸਾਨ ਕੋਲ ਫ਼ਾਲਤੂ ਫ਼ਸਲ ਪੈਦਾ ਕਰ ਕੇ ਫ਼ਾਲਤੂ ਚੀਜ਼ਾਂ ਖਰੀਦਣ ਲਈ ਪੈਸੇ ਹੀ ਨਾ ਹੋਏ ਤਾਂ ਪਿੰਡਾਂ ਦਾ ਵੱਡੇ ਸ਼ਹਿਰਾਂ ਨਾਲ ਵਪਾਰਕ ਲੈਣ ਦੇਣ ਵੀ ਘੱਟ ਹੋ ਜਾਵੇਗਾ। ਨਾ ਸਿਰਫ਼ ਸ਼ਹਿਰਾਂ ਦਾ ਬੇਢੱਬਾ ਪਸਾਰਾ ਰੁਕ ਜਾਵੇਗਾ ਸਗੋਂ ਪਿੰਡਾਂ ’ਚੋਂ ਉੱਜੜ ਕੇ ਵੱਡੇ ਸ਼ਹਿਰਾਂ ’ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਵੀ ਪਿੰਡ ਵਿਚ ਫਿਰ ਕਦਰ ਪਵੇਗੀ ਕਿਉਂਕਿ ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਵਿਚ ਅਣਗਿਣਤ ਕਾਰਜ ਅਜਿਹੇ ਹੁੰਦੇ ਹਨ ਜੋ ਸਿਰਫ਼ ਰਲਮਿਲ ਕੇ ਹੀ ਕੀਤੇ ਜਾ ਸਕਦੇ ਹਨ। ਇਸ ਦਾ ਫ਼ਾਇਦਾ ਇਹ ਵੀ ਹੋਵੇਗਾ ਕਿ ਪਿੰਡ ਪੱਧਰ ’ਤੇ ਟੁੱਟੇ ਸਮਾਜਿਕ ਰਿਸ਼ਤੇ ਫਿਰ ਜੁੜਨ ਲੱਗਣਗੇ। ਪਿੰਡ ਦੇ ਪੁਰਾਣੇ ਕਾਰੀਗਰਾਂ ਤੇ ਹੋਰ ਦਸਤਕਾਰਾਂ ਦੀ ਕਿਰਤ ਅਤੇ ਹੁਨਰ ਦੀ ਵੀ ਵੁੱਕਤ ਪੈਣੀ ਸ਼ੁਰੂ ਹੋ ਜਾਵੇਗੀ। ਟਰੈਕਟਰ ਅਤੇ ਹੋਰ ਮਸ਼ੀਨਾਂ ਤੋਂ ਬਗੈਰ ਖੇਤੀ ਮਨੁੱਖ ਅਤੇ ਉਸ ਦੇ ਪਸ਼ੂਆਂ ਦੀ ਮਿਹਨਤ ’ਤੇ ਆਧਾਰਿਤ ਹੋਵੇਗੀ ਤਾਂ ਮਿਹਨਤਕਸ਼ ਲੋਕਾਂ ਦੇ ਅੱਛੇ ਦਿਨ ਵੀ ਉਦੋਂ ਹੀ ਆਉਣਗੇ।

ਦਾਰਾ ਢਿੱਲੋਂ