ਟਿਕਾਊ ਖੇਤੀ: ਪੰਜਾਬ ਦੇ ਖੇਤੀ ਸੰਕਟ ਦਾ ਹੱਲ
This Article first published in the Punjabi Tribune on 15 March 2022
ਟਿਕਾਊ ਖੇਤੀ ਮਾਡਲ ਦਾ ਭਾਵ ਹੈ: ਅਨਾਜ ਪੈਦਾਵਾਰ ਦਾ ਇਕ ਅਜਿਹਾ ਤਰੀਕਾ ਜਿਹੜਾ ਮਿੱਟੀ ਵਿਚਲੇ ਖਣਿਜ ਪਦਾਰਥ, ਉਸ ਦੇ ਵਿਚ ਵਸਦੇ ਗੰਡੋਏ ਆਦਿ, ਜ਼ਮੀਨ ਹੇਠਲਾ ਪਾਣੀ ਅਤੇ ਵਾਤਾਵਰਣ ਨੂੰ ਕੋਈ ਨੁਕਸਾਨ ਪਹੁੰਚਾਏ ਬਗੈਰ ਮਨੁੱਖ ਦੀਆਂ ਮੌਜੂਦਾ ਬੁਨਿਆਦੀ ਲੋੜਾਂ ਪੂਰੀਆਂ ਕਰਨ ਜੋਗੀ ਉਪਜ ਦੇ ਸਕੇ ਤੇ ਅਗਲੀ ਪੀੜ੍ਹੀ ਨੂੰ ਵੀ ਉਹੀ ਸਾਧਨ ਅਤੇ ਹਾਲਾਤ ਦੇ ਕੇ ਜਾਵੇ ਜੋ ਤੁਹਾਡੇ ਪੁਰਖੇ ਤੁਹਾਡੇ ਲਈ ਛੱਡ ਕੇ ਗਏ ਸਨ। ਹਰੇ ਇਨਕਲਾਬ ਵਾਲੀ ਮਸ਼ੀਨੀ ਖੇਤੀ ਨੂੰ ਇਸ ਸੰਦਰਭ ਵਿਚ ਰੱਖ ਕੇ ਦੇਖਦਿਆਂ ਇਹ ਅਹਿਸਾਸ ਹੋ ਜਾਂਦਾ ਹੈ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨਾਲ ਠੱਗੀ ਕਰ ਲਈ ਹੈ।
ਮੌਜੂਦਾ ਮਸ਼ੀਨੀ ਖੇਤੀ ਪ੍ਰਣਾਲੀ ਦਾ ਵੱਡਾ ਹਿੱਸਾ ਪੈਟਰੋਲ/ਡੀਜ਼ਲ/ਸਸਤੇ ਖਣਿਜ ਤੇਲਾਂ (ਫੌਸਿਲ ਫਿਊਲਜ਼) ਉੱਪਰ ਨਿਰਭਰ ਕਰਦਾ ਹੈ। ਖਣਿਜ ਤੇਲਾਂ ਤੋਂ ਹੀ ਰਸਾਇਣਿਕ ਖਾਦਾਂ ਅਤੇ ਕੀੜੇਮਾਰ ਦਵਾਈਆਂ ਬਣਦੀਆਂ ਹਨ, ਕੋਲ਼ਾ-ਤੇਲ ਬਾਲ ਕੇ ਹੀ ਬਿਜਲੀ ਪੈਦਾ ਕੀਤੀ ਜਾਂਦੀ ਹੈ। ਬਿਜਲੀ ਬਗੈਰ ਟਰੈਕਟਰ ਤੇ ਹੋਰ ਮਸ਼ੀਨਾਂ ਬਣਾਉਣ ਵਾਲੀਆਂ ਫੈਕਟਰੀਆਂ ਨਹੀਂ ਚੱਲ ਸਕਦੀਆਂ। ਇਸ ਸਭ ਤੋਂ ਬਿਨਾਂ ਹਰੀ ਕ੍ਰਾਂਤੀ ਦਾ ਮਾਡਲ ਜਿਉਂਦਾ ਨਹੀਂ ਰਹਿ ਸਕਦਾ। ਖੇਤੀ ਜਾਂ ਕੋਈ ਵੀ ਕਾਰੋਬਾਰ ਓਨਾ ਚਿਰ ਹੀ ਚਲਦਾ ਹੈ ਜਿੰਨਾ ਚਿਰ ਲਾਗਤ ਘੱਟ ਤੇ ਪੈਦਾਵਾਰ ਵੱਧ ਹੋਵੇ। ਸਾਰੇ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਇਸ ਨਿਯਮ ਨੂੰ ਪੈਸੇ ਦੇ ਪੱਖ ਤੋਂ ਪੜ੍ਹਾਇਆ ਜਾਂਦਾ ਹੈ। ਮਸਲਨ ਜੇ ਤੁਸੀਂ 100 ਰੁਪਏ ਲਾ ਕੇ 110 ਰੁਪਏ ਕਮਾ ਲੈਂਦੇ ਹੋ ਤਾਂ ਸਭ ਕੁਝ ਠੀਕ ਹੈ, ਪਰ ਕੁਦਰਤ ਦੇ ਪੈਦਾਵਾਰੀ ਨਿਯਮ ਪੈਸੇ ’ਤੇ ਨਹੀਂ, ਊਰਜਾ ਦੇ ਨਿਯਮਾਂ ’ਤੇ ਚਲਦੇ ਹਨ। ਸਿਰਫ਼ ਮਨੁੱਖ ਹੀ ਆਪਣੀ ਕਿਰਤ ਤੇ ਪੈਦਾਵਾਰ ਨੂੰ ਪੈਸਿਆਂ ਨਾਲ ਤੋਲਦਾ ਹੈ, ਬਾਕੀ ਸਾਰੇ ਜੀਵ ਜੰਤੂ ਕੁਦਰਤ ਦੇ ਇਸ ਕਾਨੂੰਨ ਨੂੰ ਮੰਨ ਕੇ ਚਲਦੇ ਹਨ ਜਿਸ ਮੁਤਾਬਿਕ ਖੇਤੀ ਜਾਂ ਕਿਸੇ ਵੀ ਹੋਰ ਕਾਰੋਬਾਰ ਕਰਨ ਵਿੱਚ ਜੇ ਤਾਕਤ ਜ਼ਿਆਦਾ ਲੱਗੇ, ਜਿੰਨੀ ਉਸ ਦੇ ਉਪਜੇ ਫਲ ਨੇ ਤਾਕਤ ਤੁਹਾਨੂੰ ਵਾਪਸ ਦੇਣੀ ਹੈ ਤਾਂ ਇਹ ਸਿਲਸਿਲਾ ਜ਼ਿਆਦਾ ਦੇਰ ਤੱਕ ਚਲਦਾ ਨਹੀਂ ਰਹਿ ਸਕਦਾ। ਖੇਤੀ ਦੇ ਸੰਦਰਭ ਵਿਚ, ਇਹ ਘਾਟੇ ਵਾਲਾ ਸੌਦਾ ਤੁਹਾਨੂੰ ਛੇਤੀ ਹੀ ਕਰਜ਼ਾਈ ਕਰ ਦਿੰਦਾ ਹੈ ਤੇ ਆਖ਼ਰਕਾਰ ਦੀਵਾਲੀਆ। ਮੋਟਰਾਂ ਦੀ ਮੁਫ਼ਤ ਬਿਜਲੀ ਨਾਲ ਕਿਸਾਨ ਦਾ ਲਾਗਤ ਖਰਚਾ ਤਾਂ ਘਟ ਸਕਦਾ ਹੈ, ਪਰ ਮੋਟਰ-ਪੰਪ ਦੀ ਪਾਣੀ ਕੱਢਣ ’ਤੇ ਲੱਗੀ ਊਰਜਾ ਤਾਂ ਓਨੀ ਹੀ ਲੱਗਦੀ ਹੈ ਜਿੰਨੀ ਮੁੱਲ ਦੀ ਬਿਜਲੀ ਨਾਲ ਲੱਗਦੀ ਸੀ। ਜਿਉਂ-ਜਿਉਂ ਧਰਤੀ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਂਦਾ ਹੈ, ਉਸ ਨੂੰ ਉੱਪਰ ਖਿੱਚਣ ’ਤੇ ਊਰਜਾ ਦੀ ਲਾਗਤ ਕਈ ਗੁਣਾ ਹੋਰ ਵਧ ਜਾਂਦੀ ਹੈ। ਜਿਉਂ-ਜਿਉਂ ਕੀਟਨਾਸ਼ਕ ਜ਼ਹਿਰਾਂ ਦੀ ਵਰਤੋਂ ਨਾਲ ਮਿੱਟੀ ਦੇ ਸੂਖ਼ਮ ਜੀਵ ਮਰਦੇ ਜਾਂਦੇ ਹਨ, ਤਿਉਂ-ਤਿਉਂ ਬਾਹਰੋਂ ਲਿਆ ਕੇ ਵਰਤੀਆਂ ਜਾਣ ਵਾਲੀਆਂ ਖਾਦਾਂ ਦੀ ਲੋੜ ਸਾਲ-ਦਰ-ਸਾਲ ਵਧਦੀ ਜਾਂਦੀ ਹੈ। ਇਸ ਕਾਰਨ ਹਰ ਸਾਲ ਊਰਜਾ ਅਤੇ ਪੈਸੇ ਦੀ ਲਾਗਤ ਵਧਦੀ ਜਾਂਦੀ ਹੈ, ਪਰ ਫ਼ਸਲ ਦਾ ਝਾੜ ਇੱਕ ਦਾਣਾ ਵੀ ਨਹੀਂ ਵਧਦਾ।
ਮਸ਼ੀਨੀ ਖੇਤੀ ਮਾਡਲ ਦਾ ਇਕ ਹੋਰ ਖ਼ਾਸਾ ਇਹ ਵੀ ਹੈ ਕਿ ਮਸ਼ੀਨਾਂ ਦੀ ਵਰਤੋਂ ਕਰ ਕੇ ਇਕ-ਦੋ ਫ਼ਸਲਾਂ ਹੀ ਵੱਡੇ ਪੱਧਰ ’ਤੇ ਬੀਜੀਆਂ ਵੱਢੀਆਂ ਜਾਣ। ਇਸ ਫ਼ਸਲ ਦਾ ਲਗਭਗ ਸਾਰਾ ਹਿੱਸਾ ਫਿਰ ਮੰਡੀ ’ਚ ਵੇਚਿਆ ਜਾਂਦਾ ਹੈ। ਜਦੋਂ ਕੋਈ ਕਿਸਾਨ ਟਰਾਲੀ ਭਰ ਕੇ ਕਣਕ, ਝੋਨਾ ਜਾਂ ਕੋਈ ਵੀ ਫ਼ਸਲ ਮੰਡੀ ਸੁੱਟ ਕੇ ਆਉਂਦਾ ਹੈ ਤਾਂ ਉਹ ਅਸਲ ਵਿਚ ਆਪਣੀ ਜ਼ਮੀਨ ਦੇ ਖਣਿਜ ਪਦਾਰਥ ਤੇ ਜ਼ਮੀਨ ਹੇਠਲਾ ਪਾਣੀ ਕੱਢ ਕੇ ਕਿਸੇ ਦੂਰ ਦੁਰਾਡੇ ਦੇ ਸ਼ਹਿਰ ਵਿਚ ਭੇਜ ਰਿਹਾ ਹੁੰਦਾ ਹੈ। ਹਾਂ, ਉਹਨੂੰ ਫ਼ਸਲ ਦੇ ਇਵਜ਼ ਵਿਚ ਕੁਝ ਪੈਸੇ ਜ਼ਰੂਰ ਮਿਲਦੇ ਹਨ। ਉਨ੍ਹਾਂ ਪੈਸਿਆਂ ਨਾਲ ਸ਼ਹਿਰੋਂ ਵਾਪਸੀ ’ਤੇ ਉਹ ਦੋ ਡਰੰਮ ਡੀਜ਼ਲ, 1 ਪੀਪੀ ਕੀੜੇਮਾਰ ਦਵਾਈ ਤੇ ਕੁਝ ਬੋਰੀਆਂ ਖਾਦ ਦੀਆਂ ਖਰੀਦ ਲਿਆਉਂਦਾ ਹੈ। ਜਿਹੜੀ ਫ਼ਸਲ ਉਹ ਮੰਡੀ ਵੇਚਣ ਜਾਂਦਾ ਹੈ, ਨਾ ਤਾਂ ਉਹਦੀ ਕੀਮਤ ਕਿਸਾਨ ਦੇ ਹੱਥ ਵੱਸ ਹੁੰਦੀ ਹੈ ਤੇ ਨਾ ਖ਼ਰੀਦਣ ਵਾਲੀਆਂ ਵਸਤਾਂ ਦੀ। ਉਹਨੂੰ ਪਤਾ ਵੀ ਨਹੀਂ ਲੱਗਦਾ ਕਿ ਇਸੇ ਵੇਚਣ-ਖਰੀਦਣ ਦੇ ਚੱਕਰ ’ਚ ਉਹ ਕਿਹੜੇ ਵੇਲੇ ਕਰਜ਼ੇ ਹੇਠ ਆ ਜਾਂਦਾ ਹੈ।
ਬਹੁਤ ਸਾਰੇ ਨਾਮਵਰ ਅਰਥ ਸਾਸ਼ਤਰੀ ਇਸ ਕਰਜ਼ਾਈ ਵਵਿਸਥਾ ਨੂੰ ਚਾਲੂ ਰੱਖਣ ਲਈ ਸਰਕਾਰੀ ਸਬਸਿਡੀ ਅਤੇ ਸਰਕਾਰ ਵੱਲੋਂ ਘੱਟੋ ਘੱਟ ਕੀਮਤ ’ਤੇ ਖ਼ਰੀਦ (ਐੱਮ.ਐੱਸ.ਪੀ.) ਵਾਲੇ ਰਾਹ ਦੀ ਵਕਾਲਤ ਕਰਦੇ ਹਨ। ਸਰਕਾਰ ਕਿਸੇ ਇਕ ਜਮਾਤ ’ਤੇ ਟੈਕਸ ਲਾ ਕੇ ਕਿਸੇ ਦੂਜੀ ਜਮਾਤ ਨੂੰ ਸਬਸਿਡੀ ਦੇ ਕੇ ਇਹ ਸੰਭਵ ਕਰ ਵੀ ਸਕਦੀ ਹੈ, ਪਰ ਜਿਹੜਾ ਊਰਜਾ ਦਾ ਘਾਟਾ ਹਰ ਫ਼ਸਲ ਦੇ ਉਤਪਾਦਨ ਚੱਕਰ ਵਿੱਚ ਹੋ ਰਿਹਾ ਹੈ ਉਸ ਨੂੰ ਨਾ ਤਾਂ ਝੁਠਲਾ ਸਕਦੀ ਹੈ ਅਤੇ ਨਾ ਹੀ ਪੂਰ ਸਕਦੀ ਹੈ। ਸਰਕਾਰੀ ਨੀਤੀਘਾੜੇ ਇਸ ਸਬਸਿਡੀ ਅਤੇ ਖ਼ਰੀਦੋ-ਫਰੋਖਤ ਵਾਲੇ ਨਿਜ਼ਾਮ ਦੀ ਇਸ ਲਈ ਵੀ ਵਕਾਲਤ ਕਰਦੇ ਹਨ ਕਿਉਂਕਿ ਇਹ ਪ੍ਰਬੰਧ ਫ਼ਸਲ ਦੀ ਖਰੀਦ ਅਤੇ ਭੰਡਾਰਨ ਆਦਿ ਨਾਲ ਸਬੰਧਿਤ ਵੱਖ ਵੱਖ ਸਰਕਾਰੀ ਮਹਿਕਮਿਆਂ ਆਦਿ ਦੇ ਕਈ ਭ੍ਰਿਸ਼ਟ ਕਰਮਚਾਰੀਆਂ ਨੂੰ ਆਪਣੇ ਹੱਥ ਰੰਗਣ ਦਾ ਮੌਕਾ ਦਿੰਦਾ ਹੈ, ਪਰ ਕੁਝ ਚੀਜ਼ਾਂ ਸਚਮੁੱਚ ਸਰਕਾਰ ਅਤੇ ਨੀਤੀਘਾੜੇ ਅਫ਼ਸਰਾਂ ਦੇ ਹੱਥ ਵੱਸ ਤੋਂ ਬਾਹਰ ਹਨ। ਖੇਤੀ ਦੀਆਂ ਤਕਰੀਬਨ ਸਾਰੀਆਂ ਮਸ਼ੀਨਾਂ ਡੀਜ਼ਲ ਨਾਲ ਚਲਦੀਆਂ ਹਨ ਤੇ ਡੀਜ਼ਲ ਨਾ ਸਿਰਫ਼ ਬਾਹਰਲੇ ਮੁਲਕਾਂ ਤੋਂ ਮੁੱਲ ਲੈਣਾ ਪੈਂਦਾ ਹੈ ਸਗੋਂ ਡੀਜ਼ਲ ਦੇ ਭੰਡਾਰ ਪੂਰੇ ਸੰਸਾਰ ਵਿਚੋਂ ਬਹੁਤ ਤੇਜ਼ੀ ਨਾਲ ਖ਼ਤਮ ਹੋ ਰਹੇ ਹਨ। ਵੱਖ ਵੱਖ ਅੰਦਾਜ਼ਿਆਂ ਮੁਤਾਬਿਕ ਕੁੱਲ ਤੇਲ ਭੰਡਾਰਾਂ ਦੇ ਦੋ ਤਿਹਾਈ ਹਿੱਸੇ ਦਾ ਮਨੁੱਖ ਜਾਤੀ ਨੇ ਬੀਤੇ 100 ਸਾਲਾਂ ’ਚ ਸਫ਼ਾਇਆ ਕਰ ਦਿੱਤਾ ਹੈ ਤੇ ਬੇਤਹਾਸ਼ਾ ਵਧੀ ਹੋਈ ਰੋਜ਼ਾਨਾ ਖ਼ਪਤ ਕਾਰਨ ਬਾਕੀ ਇੱਕ ਤਿਹਾਈ ਤੇਲ ਵੀ ਆਉਂਦੇ ਤਕਰੀਬਨ 20 ਸਾਲਾਂ ’ਚ ਨਿੱਬੜ ਜਾਵੇਗਾ। ਤੇਲ ਦੇ ਜ਼ਿਆਦਾਤਰ ਖੂਹ ਸੁੱਕ ਜਾਣਗੇ ਜਾਂ ਏਨੇ ਡੂੰਘੇ ਹੋ ਜਾਣਗੇ ਕਿ 100 ਲਿਟਰ ਤੇਲ ਕੱਢਣ ਲਈ 120 ਲੀਟਰ ਤੇਲ ਬਾਲਣਾ ਪਵੇਗਾ। ਸਵਾਲ ਇਹ ਹੈ ਕਿ ਈਂਧਣ ਤੇਲ ਮੁੱਕ ਜਾਣ ’ਤੇ ਮਸ਼ੀਨੀ ਖੇਤੀ ਮਾਡਲ ਦਾ ਕੀ ਬਣੇਗਾ? ਜਵਾਬ ਦੇਣਾ ਤਾਂ ਦੂਰ ਦੀ ਗੱਲ ਹੈ, ਕੀ ਅੱਜ ਤੱਕ ਖੇਤੀਬਾੜੀ ਵਿਭਾਗ ਦੇ ਕਿਸੇ ਅਫ਼ਸਰ ਜਾਂ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਇਸ ਸਵਾਲ ਦਾ ਜ਼ਿਕਰ ਤੱਕ ਵੀ ਕੀਤਾ? ਇਹ ਕਹਿਣਾ ਮੁਸ਼ਕਿਲ ਹੈ ਕਿ ਮੌਜੂਦਾ ਖੇਤੀ ਮਾਡਲ ਦਾ ਪਤਨ ਇਕਦਮ ਹੋਵੇਗਾ ਜਾਂ ਹੌਲੀ ਹੌਲੀ ਆਪਣੀ ਸ਼ਕਲ ਤਬਦੀਲ ਕਰੇਗਾ? ਕੋਈ ਸਮਾਜ ਇਸ ਸਥਿਤੀ ਨੂੰ ਕਿੰਨੀ ਛੇਤੀ ਸਮਝ ਲੈਂਦਾ ਹੈ ਅਤੇ ਆਉਣ ਵਾਲੀ ਤਬਦੀਲੀ ਲਈ ਕਿੰਨੀ ਅਗਾਊਂ ਤਿਆਰੀ ਕਰਦਾ ਹੈ, ਇਸ ਗੱਲ ਵਿੱਚ ਇਸ ਸਵਾਲ ਦਾ ਜਵਾਬ ਹੈ।
ਭਵਿੱਖ ਦਾ ਖੇਤੀ ਮਾਡਲ ਕਿਸ ਤਰ੍ਹਾਂ ਦਾ ਹੋ ਸਕਦਾ ਹੈ? ਇਸ ਦਾ ਅੰਦਾਜ਼ਾ ਦੋ ਤਸਵੀਰਾਂ ਤੋਂ ਲਾਇਆ ਜਾ ਸਕਦਾ ਹੈ। ਇੱਕ ਤਾਂ ਖੇਤੀ ਦੇ ਉਸ ਮਾਡਲ ਦੀ ਤਸਵੀਰ ਹੈ ਜਿਹੜੀ ਖਣਿਜ ਤੇਲ/ ਪੈਟਰੋਲ ਡੀਜ਼ਲ ਨਾਲ ਚੱਲਣ ਵਾਲੀਆਂ ਮਸ਼ੀਨਾਂ ਦੇ ਆਗਮਨ ਤੋਂ ਪਹਿਲਾਂ ਹੋਂਦ ਵਿਚ ਸੀ। ਜ਼ਿਆਦਾ ਨਹੀਂ, ਬਸ ਦੋ-ਤਿੰਨ ਪੀੜ੍ਹੀਆਂ ਪੁਰਾਣੀ ਗੱਲ ਹੈ। ਜੇ ਉਹ ਵੀ ਭੁੱਲ ਗਈ ਹੈ ਤਾਂ ਅੱਜ ਦੀ ਤਰੀਕ ਵਿਚ ਮਿਲਦੀ ਦੂਜੀ ਮਿਸਾਲ ਕਿਊਬਾ ਦੀ ਹੈ। ਕੌਮਾਂਤਰੀ ਝਗੜੇ ਕਾਰਨ ਅਮਰੀਕਾ ਨੇ ਆਪਣੀ ਫ਼ੌਜ ਦੇ ਜ਼ੋਰ ’ਤੇ ਉਸ ਦੇਸ਼ ’ਤੇ ਪਿਛਲੇ 60 ਸਾਲ ਤੋਂ ਆਰਥਿਕ ਘੇਰਾਬੰਦੀ ਕੀਤੀ ਹੋਈ ਹੈ ਜਿਸ ਤਹਿਤ ਤੇਲ ਦੀ ਸਪਲਾਈ ਵੀ ਰੋਕੀ ਹੋਈ ਹੈ। ਲਿਹਾਜ਼ਾ, ਉਹ ਦੇਸ਼ ਹਰੇ ਇਨਕਲਾਬ ਤੋਂ ਬਚਿਆ ਰਹਿ ਗਿਆ ਤੇ ਉੱਥੋਂ ਦੇ ਲੋਕਾਂ ਨੇ ਪੁਰਾਣੇ ਸੰਦਾਂ ਅਤੇ ਡੰਗਰਾਂ ਨਾਲ ਹੀ ਖੇਤੀ ਜਾਰੀ ਰੱਖੀ।
ਕਿਸੇ ਜਗ੍ਹਾ ਦੇ ਪੈਦਾਵਾਰੀ ਸਾਧਨ ਉਸ ਸਮਾਜ ਦੀ ਆਰਥਿਕ ਸਮਾਜਿਕ ਹਾਲਤ ਵੀ ਨਿਰਧਾਰਤ ਕਰਦੇ ਹਨ। ਜਦੋਂ ਅਸੀਂ ਹਰੇ ਇਨਕਲਾਬ ਵਾਲੇ ਮਸ਼ੀਨੀ ਖੇਤੀ ਮਾਡਲ ਤੋਂ ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਵੱਲ ਵਾਪਸ ਜਾਵਾਂਗੇ ਤਾਂ ਸਮਾਜ ਵਿਚ ਕੁਝ ਹੋਰ ਤਬਦੀਲੀਆਂ ਵੀ ਆਉਣਗੀਆਂ। ਮਸਲਨ, ਅਨਾਜ ਦੀ ਕੁੱਲ ਪੈਦਾਵਾਰ ਘਟੇਗੀ ਜਿਸ ਨਾਲ ਉਸ ਸਮਾਜ ਦੀ ਜਨਸੰਖਿਆ ਵੀ ਘਟੇਗੀ। ਹਰੇਕ ਪਰਵਿਾਰ ਦੀ ਖੇਤੀ ’ਚੋਂ ਪੈਦਾਵਾਰ ਵੀ ਘਟੇਗੀ ਜਿਸਦੇ ਫਲਸਰੂਪ ਉਸ ਕੋਲ ਏਨੀ ਵਧੇਰੇ ਫ਼ਸਲ ਨਹੀਂ ਹੋਵੇਗੀ ਜਿਸ ਨੂੰ ਮੰਡੀ ’ਚ ਵੇਚ ਕੇ ਉਹ ਕਾਰਾਂ, ਟੀ.ਵੀ., ਮੋਬਾਈਲ ਫ਼ੋਨ ਆਦਿ ਸ਼ੈਆਂ ਖ਼ਰੀਦ ਸਕੇ। ਦੂਸਰੇ ਸ਼ਬਦਾਂ ਵਿੱਚ, ਜਿਹੜਾ ‘ਉੱਚਾ’ ਜੀਵਨ ਮਿਆਰ ਉਹਨੇ ਆਪਣੀ ਮਿੱਟੀ ਅਤੇ ਪਾਣੀ ਦੀ ਕੀਮਤ ’ਤੇ ਬਣਾਇਆ ਸੀ, ਉਸ ਤੋਂ ਵਾਪਸ ਆਪਣੇ ਦਾਦੇ ਪੜਦਾਦੇ ਵਾਲੀ ਥਾਂ ’ਤੇ ਜਾਣਾ ਪਵੇਗਾ, ਭਾਵੇਂ ਰੋ ਕੇ ਜਾਵੇ ਤੇ ਭਾਵੇਂ ਹੱਸ ਕੇ। ਇਸ ਆਉਣ ਵਾਲੀ ਤਬਦੀਲੀ ਵਿਚ ਕਈ ਆਸ ਦੀਆਂ ਕਿਰਨਾਂ ਵੀ ਨਜ਼ਰ ਆਉਂਦੀਆਂ ਹਨ। ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਮਿੱਟੀ ਨੂੰ ਹੌਲੀ-ਹੌਲੀ ਜ਼ਹਿਰ ਮੁਕਤ ਕਰ ਦੇਵੇਗੀ, ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੌਲੀ ਹੌਲੀ ਉੱਪਰ ਉੱਠਣਾ ਸ਼ੁਰੂ ਹੋ ਜਾਵੇਗਾ ਅਤੇ ਵਾਤਾਵਰਨ ਸਾਫ਼ ਹੋ ਜਾਵੇਗਾ। ਜਦੋਂ ਕਿਸਾਨ ਕੋਲ ਫ਼ਾਲਤੂ ਫ਼ਸਲ ਪੈਦਾ ਕਰ ਕੇ ਫ਼ਾਲਤੂ ਚੀਜ਼ਾਂ ਖਰੀਦਣ ਲਈ ਪੈਸੇ ਹੀ ਨਾ ਹੋਏ ਤਾਂ ਪਿੰਡਾਂ ਦਾ ਵੱਡੇ ਸ਼ਹਿਰਾਂ ਨਾਲ ਵਪਾਰਕ ਲੈਣ ਦੇਣ ਵੀ ਘੱਟ ਹੋ ਜਾਵੇਗਾ। ਨਾ ਸਿਰਫ਼ ਸ਼ਹਿਰਾਂ ਦਾ ਬੇਢੱਬਾ ਪਸਾਰਾ ਰੁਕ ਜਾਵੇਗਾ ਸਗੋਂ ਪਿੰਡਾਂ ’ਚੋਂ ਉੱਜੜ ਕੇ ਵੱਡੇ ਸ਼ਹਿਰਾਂ ’ਚ ਮਜ਼ਦੂਰੀ ਕਰਨ ਗਏ ਲੋਕਾਂ ਦੀ ਵੀ ਪਿੰਡ ਵਿਚ ਫਿਰ ਕਦਰ ਪਵੇਗੀ ਕਿਉਂਕਿ ਪੁਰਾਣੇ ਸੰਦਾਂ ਤੇ ਬਲਦਾਂ ਵਾਲੀ ਖੇਤੀ ਵਿਚ ਅਣਗਿਣਤ ਕਾਰਜ ਅਜਿਹੇ ਹੁੰਦੇ ਹਨ ਜੋ ਸਿਰਫ਼ ਰਲਮਿਲ ਕੇ ਹੀ ਕੀਤੇ ਜਾ ਸਕਦੇ ਹਨ। ਇਸ ਦਾ ਫ਼ਾਇਦਾ ਇਹ ਵੀ ਹੋਵੇਗਾ ਕਿ ਪਿੰਡ ਪੱਧਰ ’ਤੇ ਟੁੱਟੇ ਸਮਾਜਿਕ ਰਿਸ਼ਤੇ ਫਿਰ ਜੁੜਨ ਲੱਗਣਗੇ। ਪਿੰਡ ਦੇ ਪੁਰਾਣੇ ਕਾਰੀਗਰਾਂ ਤੇ ਹੋਰ ਦਸਤਕਾਰਾਂ ਦੀ ਕਿਰਤ ਅਤੇ ਹੁਨਰ ਦੀ ਵੀ ਵੁੱਕਤ ਪੈਣੀ ਸ਼ੁਰੂ ਹੋ ਜਾਵੇਗੀ। ਟਰੈਕਟਰ ਅਤੇ ਹੋਰ ਮਸ਼ੀਨਾਂ ਤੋਂ ਬਗੈਰ ਖੇਤੀ ਮਨੁੱਖ ਅਤੇ ਉਸ ਦੇ ਪਸ਼ੂਆਂ ਦੀ ਮਿਹਨਤ ’ਤੇ ਆਧਾਰਿਤ ਹੋਵੇਗੀ ਤਾਂ ਮਿਹਨਤਕਸ਼ ਲੋਕਾਂ ਦੇ ਅੱਛੇ ਦਿਨ ਵੀ ਉਦੋਂ ਹੀ ਆਉਣਗੇ।
ਦਾਰਾ ਢਿੱਲੋਂ
No comments:
Post a Comment